ਹੁਸ਼ਿਆਰਪੁਰ, 21 ਸਤੰਬਰ (ਅਮਰਜੀਤ ਸਿੰਘ ਰਾਜਾ) -ਪਿੰਡ ਭਗਤੂਪੁਰ ਦੇ ਪਿੰਡੋਂ ਬਾਹਰ ਸੜਕ 'ਤੇ ਪੈਂਦੀ ਹਵੇਲੀ 'ਵਿੱਚੋਂ ਇਕ ਨਵਾਂ ਮਾਰਕਾ ਸੋਨਾਲੀਕਾ ਡੀ .ਆਈ. 750 ਰੰਗ ਨੀਲਾ ਟਰੈਕਟਰ ਚੋਰੀ ਹੋਇਆ ਸੀ, ਜਿਸ ਨੂੰ ਲੱਭਦੇ ਹੋਏ ਪੁਲਿਸ ਚੌਕੀ ਕੋਟ ਫਤੂਹੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਤੇ ਪਰਿਵਾਰ ਦੀ ਮਦਦ ਨਾਲ ਬੀਤੇ ਦਿਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੁਗਲਾਬਾਦ ,ਥਾਣਾ ਕੱਚਾ ਪੱਕਾ ,ਜਿਲ੍ਹਾ ਤਰਨਤਾਰਨ ਦੇ ਇਕ ਘਰ ਵਿੱਚੋਂ ਬਰਾਮਦ ਕਰਕੇ ਵਾਪਿਸ ਲਿਆਂਦਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਟਰੈਕਟਰ ਚੋਰੀ ਹੋਣ ਵਾਲੇ ਦਿਨ 2 -3 ਸਤੰਬਰ ਦੀ ਦਰਮਿਆਨੀ ਰਾਤ ਤੋਂ ਸਥਾਨਕ ਪੁਲਿਸ ਪਾਰਟੀ ਇਨ੍ਹਾਂ ਚੋਰਾਂ ਦੀ ਪੈੜ ਨੱਪਦੀ ਹੋਈ ਜਗਰਾਵਾਂ ਵਿਖੇ ਗੁੱਜਰ ਅਲੀ ਅਤੇ ਮੀਹਮੇ ਦੇ ਘਰ ਵਿਖੇ ਪਹੁੰਚੀ, ਜਿਨ੍ਹਾਂ ਇਹ ਟਰੈਕਟਰ ਚੋਰੀ ਕਰ ਕੇ ਲੁਕਾਇਆ ਹੋਇਆ ਸੀ, ਉਨ੍ਹਾਂ ਪੁਲਿਸ ਦਾ ਵਧ ਰਿਹਾ ਦਬਾਅ ਵੇਖ ਕੇ ਇਹ ਟਰੈਕਟਰ ਜਗਰਾਵਾਂ ਤੋ ਤਰਨਤਾਰਨ ਪੱਟੀ ਦੇ ਪਿੰਡ ਮੁਗਲਾਬਾਦ ਆਪਣੇ ਸਾਥੀ ਸਤਨਾਮ ਸਿੰਘ ਦੇ ਘਰ ਪਹੁੰਚਾ ਦਿੱਤਾ, ਜਿੱਥੋਂ ਪੁਲਿਸ ਨੇ ਇਹ ਟਰੈਕਟਰ ਬਰਾਮਦ ਕਰਕੇ ਇਕ ਦੋਸ਼ੀ ਸਮੇਤ ਪੁਲਿਸ ਚੌਕੀ ਕੋਟ ਫਤੂਹੀ ਵਿਖੇ ਲੈ ਆਏ ਤੇ ਬਾਕੀ ਦੋਸ਼ੀਆਂ ਵਿਰੁੱਧ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਜਦੋਂ ਕਿ ਇਹ ਗੁੱਜਰ ਦੋਸ਼ੀ ਫੜੇ ਜਾਣ ਤੇ ਇਸ ਇਲਾਕੇ ਦੇ ਚੋਰੀ ਹੋਏ ਹੋਰ ਟਰੈਕਟਰਾਂ ਦੇ ਮਿਲਣ ਦੀ ਆਸ ਹੈ | ਇਸ ਮੌਕੇ ਟਰੈਕਟਰ ਦੇ ਮਾਲਕ ਹੇਮ ਰਾਜ ਪੁੱਤਰ ਅਮਰਜੀਤ ਵਾਸੀ ਪੰਡੋਰੀ ਬੀਤ ਦੇ ਰਿਸ਼ਤੇਦਾਰ ਰਵਿੰਦਰ ਸਿੰਘ ,ਸਤਨਾਮ ਸਿੰਘ ਤੇ ਭਾਜਪਾ ਆਗੂ ਸੰਜੀਵ ਕੁਮਾਰ ਪਚਨੰਗਲ ਵੱਲੋਂ ਚੌਕੀ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ, ਏ. ਐੱਸ. ਆਈ. ਸੁਰਜੀਤ ਸਿੰਘ, ਐਚ. ਸੀ. ਅਮਰਜੀਤ ਸਿੰਘ, ਮੁਨਸ਼ੀ ਪ੍ਰਭਜੋਤ ਸਿੰਘ, ਪੀ. ਐੱਚ. ਜੀ. ਸੁਰਜੀਤ ਸਿੰਘ, ਪੀ. ਐੈਚ. ਜੀ. ਰਣਜੀਤ ਸਿੰਘ, ਪੀ. ਐਚ. ਜੀ. ਹਰਜਿੰਦਰ ਸਿੰਘ ਨੂੰ ਇਸ ਟਰੈਕਟਰ ਨੂੰ ਲੱਭਣ 'ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ |
ਪੁਲਿਸ ਨੇ ਭਗਤੂਪੁਰ ਤੋ ਚੋਰੀ ਕੀਤਾ ਟਰੈਕਟਰ ਜਿਲ੍ਹਾ ਤਰਨਤਾਰਨ ਦੇ ਪਿੰਡ ਮੁਗਲਾਬਾਦ ਤੋਂ ਬਰਾਮਦ ਕੀਤਾ
September 22, 2024
0