ਡੇਹਲੋਂ 20 ਸਤੰਬਰ (ਰਣਬੀਰ ਸਿੰਘ ਮਹਿਮੀ) ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਦਾ ਪੰਜਵੇਂ ਦਿਨ ਵੀ ਪੂਰੇ ਜੋਬਨ ਤੇ ਰਿਹਾ,ਗੁੱਗਾ ਮਾੜੀ ਮੰਦਰ ਛਪਾਰ ਵਿਖੇ ਪੰਜਾਬ ਦੇ ਦੂਰ-ਦੁਰਾਡਿਓ ਪਿੰਡਾਂ ਸ਼ਹਿਰਾਂ ਦੇ ਲੋਕ ਗੁੱਗੇ ਪੀਰ ਦੀ ਪੂਜਾ ਕਰਨ ਲਈ ਲਾਈਨਾਂ ਵਿੱਚ ਲੱਗੇ ਵੇਖੇ ਗਏ।ਇਸ ਮੇਲੇ ਵਿੱਚ ਕਈ ਦਿਨ ਪਹਿਲਾਂ ਹੀ ਤਮਾਸ਼ਿਆਂ,ਚੰਡੋਲਾ,ਸਰਕਸਾਂ ਅਤੇ ਖਾਣ ਪੀਣ ਵਾਲੀਆਂ ਸਟਾਲਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਸਥਾਨਕ ਸ਼ਹਿਰ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਗੁੱਗਾ ਮਾੜੀ ਆਉਣਾ ਸ਼ੁਰੂ ਹੋ ਜਾਂਦਾ ਹੈ 16 ਸਤੰਬਰ ਨੂੰ ਸ਼ੁਰੂ ਹੋਏ ਇਸ ਮੇਲੇ ਲੇ ਦੇ ਪਹਿਲੇ ਦਿਨ ਹੀ ਤਮਾਸ਼ਿਆਂ ਅਤੇ ਖਜਲਾ ਮਠਿਆਈ ਵਾਲਿਆਂ ਨੇ ਚੋਖੀ ਕਮਾਈ ਕੀਤੀ।ਪਰ ਵੱਡੀ ਗਿਣਤੀ ਵਿੱਚ ਲੰਗਰ ਅਤੇ ਛਬੀਲਾਂ ਲੱਗੀਆਂ ਹੋਣ ਕਰਕੇ ਫਾਸਟ ਫੂਡ ਤੇ ਢਾਬਿਆਂ ਵਾਲਿਆਂ ਦੇ ਚਿਹਰਿਆਂ ਤੇ ਉਦਾਸੀ ਨਜ਼ਰ ਆ ਰਹੀ ਸੀ।ਪਿਛਲੇ ਲੰਮੇ ਸਮੇਂ ਤੋਂ ਸਿਆਸੀ ਕਾਨਫਰੰਸਾਂ ਦੇ ਭਰਵੇਂ ਅਖਾੜੇ ਵਜੋਂ ਮੰਨਿਆਂ ਜਾਂਦਾ ਆ ਰਿਹਾ ਇਸ ਮੇਲੇ ਵਿੱਚ ਪਿਛਲੇ ਕਈ ਸਾਲਾਂ ਤੋਂ ਬੰਦ ਪਈਆਂ ਕਾਨਫਰੰਸਾਂ ਇਸ ਵਾਰੀ ਸਿਰਫ਼ ਸ਼੍ਰੋਮਣੀ ਅਕਾਲੀ ਦਲ (ਫਤਿਹ) ਅਤੇ ਸੀ.ਪੀ.ਆਈ (ਐਮ)ਵੱਲੋਂ ਸਿਆਸੀ ਰੈਲੀ ਹੋਈਆਂ।ਛਪਾਰ ਮੇਲੇ ਵਿੱਚ ਪੇਂਡੂ ਖੇਤਰ ਨਾਲ ਸੰਬੰਧਿਤ ਕੰਪਨੀਆਂ ਦੀਆਂ ਸਟਾਲਾਂ ਅਤੇ ਵਿਸ਼ੇਸ਼ ਕਰਕੇ ਇਸ ਵਾਰ ਜ਼ਿੰਦਾ ਮੱਛਲੀਆਂ ਜੋ ਕਿ ਰੰਗ ਬਿਰੰਗੇ ਵੱਡੇ ਸ਼ੀਸ਼ਿਆਂ ਦੇ ਘਰਨੁਮਾਂ ਸ਼ੀਸ਼ੇ ਦੇ ਖੂਬਸੂਰਤ ਬਕਸਿਆਂ ਵਿੱਚ ਉਹਨਾਂ ਦੀਆਂ ਖੁਰਾਕਾਂ ਅਤੇ ਖਿਡਾਉਣਿਆ ਨਾਲ ਇਕੱਠੀਆਂ ਕੀਤੀਆਂ ਸਨ ।ਜਿਨ੍ਹਾਂ ਨੂੰ ਵੇਖਣ ਲਈ ਲੋਕਾਂ ਵਿੱਚ ਵਧੇਰੇ ਦਿਲਚਸਪੀ ਦੇਖੀ ਗਈ। ਇਸ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੈਨੇਡਾ,ਮਲੇਸ਼ੀਆ,ਥਾਈਲੈਂਡ ਤੇ ਅਮਰੀਕਾ ਤੋਂ ਲਿਆਂਦੀਆਂ ਗਈਆਂ ਹਨ।ਮੇਲੇ ਵਿੱਚ ਮੇਲੀਆਂ ਵੱਲੋਂ ਹਰ ਤਰ੍ਹਾਂ ਬਾਜ਼ਾਰ,ਝੂਲੇ,ਚੰਡੋਲ,ਸਰਕਸ,ਨਾਚ,ਗੀਤ ਆਦਿ ਬੜੀ ਰੀਜ਼ ਨਾਲ ਵੇਖੇ ਗਏ।ਇਸ ਮੇਲੇ ਦੀ ਜਿੰਦਜਾਨ ਪੁਰਾਤਨ ਮੱਲਵਈ ਗਿੱਧਿਆਂ ਦੇ ਰੂਪ 'ਚ ਬੋਲੀਆਂ ਪਾਉਂਦੀਆਂ ਭੰਗੜੇ ਦੀਆਂ ਟੋਲੀਆਂ ਪਿਛਲੇ ਕਈ ਸਾਲਾਂ ਤੋਂ ਘੱਟ ਹੀ ਵੇਖਣ ਨੂੰ ਮਿਲਦੀਆਂ ਹਨ।ਚਪਾਰ ਮੇਲੇ ਵਿੱਚ ਮਹਾਰਾਸ਼ਟਰ ਤੋਂ ਆਏ ਰੂਹਾਨੀ ਮਰੂਤੀ ਸਰਕਲ ਦੇ ਨਾਂਅ ਹੇਠ ਮੌਤ ਦੇ ਖੂਹ ਵਾਲਿਆਂ ਜਾਨ ਜੋਖ਼ਮ ਵਿੱਚ ਪਾ ਮੇਲੇ ਵਿੱਚ ਪਹੁੰਚੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਅਤੇ ਚੋਖੀ ਕਮਾਈ ਵੀ ਕੀਤੀ।ਗੁੱਗਾ ਮਾੜੀ ਮੰਦਰ ਦੇ ਮੁੱਖ ਪ੍ਰਬੰਧਕ ਹੈਪੀ ਬਾਬਾ ਛਪਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੀਆਂ ਲਈ ਕਈ ਤਰ੍ਹਾਂ ਦੇ ਲੰਗਰ ਅਤੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ।ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰੇ ਅਤੇ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕਰਦੇ ਹੋਏ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।ਪੁਲਿਸ ਜ਼ਿਲ੍ਹਾ ਖੰਨਾ ਤੋਂ ਆਏ ਥਾਣੇਦਾਰ ਰਿਸ਼ੀਪਾਲ ਸਿੰਘ,ਗੁਰਿੰਦਰ ਸਿੰਘ,ਸੰਦੀਪ ਸਿੰਘ ਤੇ ਮਲਕੀਤ ਸਿੰਘ ਪੁਲਿਸ ਟ੍ਰੈਫਿਕ ਟੀਮ ਨੇ ਮੇਲੇ ਵਿੱਚ ਟ੍ਰੈਫਿਕ ਕੰਟਰੋਲ ਕਰਕੇ ਮੇਲੀਆਂ ਵੱਲੋਂ ਬਾਵਾ ਪ੍ਰਸੰਸਾ ਖੱਟੀ।