ਪੁਰਾਣੇ ਸਮੇਂ ਵਿਚ ਲੋਕ ਪੰਚਾਇਤ ਤੇ ਸਰਪੰਚ ਨੂੰ ਰੱਬ ਦੇ ਸਮਾਨ ਮੰਨਦੇ ਸੀ। ਸਰਪੰਚ ਦੇ ਫੈਸਲੇ ਨੂੰ ਹੀ ਅਤਿੰਮ ਮੰਨਿਆ ਜਾਂਦਾ ਸੀ। ਪਿੰਡ ਵਿੱਚ ਕੋਈ ਵੀ ਗੱਲ ਹੋਣੀ ਤਾਂ ਸਰਪੰਚ ਨੇ ਪਿੰਡ ਵਿੱਚ ਹੀ ਨਿਬੇੜ ਦੇਣੀ ਹੁੰਦੀ ਸੀ। ਪਿੰਡ ਵਿੱਚ ਪੁਲੀਸ ਨੂੰ ਨਹੀਂ ਸੀ ਆਉਣ ਦਿੱਤਾ ਜਾਂਦਾ। ਜੇ ਪੁਲਿਸ ਆ ਜਾਂਦੀ ਤਾਂ ਸਰਪੰਚ ਤੇ ਪੰਚਾਇਤ ਦੀ ਬੇਇੱਜਤੀ ਮੰਨੀ ਜਾਂਦੀ ਸੀ। ਪਰ ਅੱਜ ਕੱਲ੍ਹ ਉਹ ਗੱਲ ਨਹੀਂ ਰਹੀ। ਲੋਕ ਸਰਪੰਚ ਦੇ ਮੂੰਹ 'ਤੇ ਹੀ ਗਾਲ੍ਹਾਂ ਕੱਢ ਜਾਂਦੇ ਨੇ ।
ਪਿੰਡ ਦੇ ਲੋਕ ਪਿੰਡ ਵਿੱਚ ਸਰਪੰਚ ਬਣਨਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਵੀ ਉਚਾ ਰੁਤਬਾ ਮੰਨਦੇ ਹਨ। ਇਕ ਪਿੰਡ ਵਿੱਚ ਦਸ ਦਸ ਸਰਪੰਚੀ ਦੀ ਚੋਣ ਲੜਨ ਨੂੰ ਖੜ੍ਹੇ ਹੋਏ ਨੇ । ਸਰਬ ਸਹਿਮਤੀ ਦੀ ਤਾਂ ਕੋਈ ਗੱਲ ਹੀ ਨਹੀ ਹੈ। ਜੇ ਕਿਸੇ ਪਿੰਡ ਵਿਚ ਸਹਿਮਤੀ ਦੀ ਗੱਲ ਹੁੰਦੀ ਵੀ ਹੈ ਤਾਂ ਉੱਥੇ ਬੋਲੀ ਲੱਗ ਰਹੀ ਹੈ। ਕੋਈ ਕਹਿੰਦਾ ਹੈ ਤੀਹ ਲੱਖ ਦੇਵਾਂਗਾ, ਕੋਈ ਕਹਿੰਦਾ ਹੈ ਜਮੀਨ ਦੇਵਾਂਗਾ।ਹੁਣ ਤਾਂ ਇਹ ਸਰਪੰਚੀ ਦੀ ਬੋਲੀ ਕਰੋੜ 'ਤੇ ਜਾ ਪਹੁੰਚੀ ਹੈ। ਸਿੱਧਾ ਹੀ ਲੋਕਤੰਤਰ ਦਾ ਮਜ਼ਾਕ ਬਣ ਰਿਹਾ ਹੈ ।
ਹੁਣ ਪਿੰਡ ਵਿੱਚ ਪੂਰਾ ਸਰਪੰਚੀ ਵਾਲਾ ਮਾਹੌਲ ਹੈ। ਖੁੰਡ ਚਰਚਾ ਵਿੱਚ ਵੀ ਸਰਪੰਚ ਬਣਾਉਣ ਦੀਆ ਗੱਲਾ, ਕੌਣ ਜਿੱਤੇਗਾ ਕੌਣ ਹਾਰੇਗਾ। ਕੀ ਬੱਚਾ, ਕੀ ਨੌਜਵਾਨ ਅਤੇ ਕੀ ਬਜ਼ੁਰਗ, ਸਾਰੇ ਸਰਪੰਚ ਬਣਾਉਣ ਦੀਆਂ ਗੱਲਾਂ ਕਰਦੇ ਨੇ । ਇਸ ਸਾਰੇ ਰੌਲੇ ਰੱਪੇ ਵਿੱਚ ਬਾਬਾ ਵਿਸਨਾ ਇਕ ਪਾਸੇ ਇਕੱਲਾ ਹੀ ਚੁੱਪਚਾਪ ਬੈਠਾ ਸੀ। ਉਸਦਾ ਇਹਨਾਂ ਗੱਲਾਂ ਵਿੱਚ ਕੋਈ ਧਿਆਨ ਨਹੀਂ ਸੀ। ਮੈ ਪੁੱਛਿਆ, " ਬਾਪੂ ਤੂੰ ਕਿਵੇਂ ਇਕ ਪਾਸੇ ਹੋਇਆ ਬੈਠਾ, ਤੂੰ ਨਹੀਂ ਕਿਸੇ ਨੂੰ ਪਿੰਡ ਦਾ ਸਰਪੰਚ ਬਣਾਉਣਾ ।" ਬਾਪੂ ਕੁਝ ਨਾ ਬੋਲਿਆ। ਮੇਰੇ ਦੁਬਾਰਾ ਪੁੱਛਣ 'ਤੇ ਬਾਪੂ ਠੱਰੰਮੇ ਨਾਲ ਬੋਲਿਆ, " ਜੋ ਜਵਾਨੀ ਇਹਨਾਂ 'ਤੇ ਆਈ ਹੈ, ਮੇਰੇ 'ਤੇ ਆ ਕੇ ਚਲੀ ਗਈ ਹੈ। ਸਰਪੰਚੀ ਨੇ ਮੇਰੀਆਂ ਅਜਿਹੀਆਂ ਨੱਕ ਨਾਲ ਲਕੀਰਾਂ ਕਢਾਈਆਂ, ਮੈ ਤਾਂ ਹੁਣ ਸਰਪੰਚ ਦੇ ਕੋਲ ਵੀ ਨਹੀਂ ਖੜ੍ਹਦਾ।"
ਮੈੰ ਕਿਹਾ, " ਕੀ ਗੱਲ ਹੋ ਗਈ ਬਾਪੂ ਬੜਾ ਦੁਖੀ ਹੈ।"
ਕਹਿੰਦਾ, " ਛੇੜ ਨਾ ਪੁੱਤ ਦਰਦ, ਆਪਣੇ ਆਪ ਨੂੰ ਮਸਾਂ ਸਮੇਟੀ ਬੈਠਾ।"
ਮੈਂ ਕਿਹਾ, " ਦੁੱਖ ਦੱਸਣ ਨਾਲ ਘੱਟ ਜਾਂਦੇ ਨੇ ਬਾਪੂ , ਕੁਝ ਭਾਰ ਹੌਲਾ ਕਰ ਲੈ ।" ਫਿਰ ਉਸ ਨੇ ਆਪਣੀ ਕਹਾਣੀ ਦੱਸੀ। ਕਹਿੰਦਾ ਮੇਰੇ ਦੋ ਪੁੱਤਰ ਸੀ, ਇਕ ਵਿਆਹਿਆ ਹੋਇਆ ਸੀ। ਉਸ ਦੇ ਦੋ ਬੱਚੇ ਸੀ। ਛੋਟਾ ਪੜ੍ਹਦਾ ਸੀ, ਇੰਝ ਸੀ ਕੋਈ ਨੌਕਰੀ ਲੱਗ ਜਾਵੇਗਾ। ਵਧੀਆ ਸੁੱਖੀ ਸਾਂਦੀ ਵੱਸਦੇ ਸੀ। ਕਹਿੰਦਾ ਮੈਨੂੰ ਵੀ ਪਿੰਡ ਦਾ ਸਰਪੰਚ ਬਣਨ ਦਾ ਬੜਾ ਸੌਂਕ ਸੀ। ਮੇਰਾ ਨਾਮ ਸਰਪੰਚੀ ਚ ਆਇਆ, ਸਾਰੇ ਪਿੰਡ ਦੇ ਲੋਕ ਕਹਿੰਦੇ ਤੈਨੂੰ ਤਾਂ ਸਰਬ ਸਹਿਮਤੀ ਨਾਲ ਹੀ ਸਰਪੰਚ ਬਣਾ ਦੇਣਾ। ਦੂਜੇ ਦਿਨ ਪਿੰਡ ਦੀ ਸੱਥ ਵਿੱਚ ਇਕੱਠ ਕੀਤਾ ਗਿਆ। ਸਾਰੇ ਪਿੰਡ ਦੇ ਲੋਕਾਂ ਨੇ ਸਹਿਮਤੀ ਮੇਰੇ 'ਤੇ ਬਣਾ ਲਈ, ਪਰ ਇਕ ਦੋ ਘਰ ਏਦਾਂ ਦੇ ਸੀ ਜਿਨ੍ਹਾਂ ਨਾਲ ਮੇਰੀ ਨਾ ਬਣਨ ਕਰਕੇ ਉਹਨਾਂ ਨੇ ਮਨ੍ਹਾ ਕਰਤਾ। ਕਹਿੰਦੇ ਅਸੀਂ ਤਾਂ ਆਪ ਸਰਪੰਚੀ ਦੀ ਚੋਣ ਲੜਾਂਗੇ । ਸਾਰੇ ਕਹਿੰਦੇ ਤੂੰ ਤਾਂ ਜਿੱਤ ਹੀ ਜਾਣਾ। ਮੈਂ ਵੀ ਸਰਪੰਚੀ ਦੇ ਫਾਰਮ ਭਰ ਦਿੱਤੇ। ਸਾਰਾ ਦਿਨ ਘਰ ਸ਼ਰਾਬ ਚੱਲਦੀ। ਦੋ ਨੂੰ ਮਨਾਉਂਦੇ, ਦੋ ਰੁੱਸ ਜਾਂਦੇ। ਸਾਰੇ ਪਿੰਡ ਦੇ ਲੋਕਾਂ ਦੇ ਪੈਰੀਂ ਹੱਥ ਲਾ ਲਾ ਥੱਕ ਗਏ ਸੀ। ਰੁਪਿਆ ਐਨਾ ਜ਼ਿਆਦਾ ਖਰਚ ਹੋਇਆ, ਦੋ ਕਿੱਲੇ ਜ਼ਮੀਨ ਵੀ ਵੇਚਨੀ ਪਈ।
ਵੋਟਾਂ ਤੋਂ ਇਕ ਦਿਨ ਪਹਿਲਾਂ ਜੋਂ ਕਹਿਦੇ ਸੀ ਤੇਰੇ ਨਾਲ ਹਾਂ, ਉਹ ਵੀ ਵੋਟਾਂ ਬਦਲੇ ਪੈਸੇ ਲੈਣ ਲੱਗੇ। ਸਾਰੀ ਰਾਤ ਘਰ ਘਰ ਜਾਂ ਕੇ ਵੋਟਾਂ ਮੰਗੀਆਂ । ਦੂਸਰੇ ਦਿਨ ਵੋਟਾਂ ਪੈ ਗਈਆਂ । ਜਦ ਗਿਣਤੀ ਹੋਈ ਮੇਰੇ ਹੋਸ਼ ਉੱਡ ਗਏ। ਸਾਰਾ ਪਿੰਡ ਕਹਿੰਦਾ ਸੀ ਤੇਰੇ ਨਾਲ ਹਾਂ, ਪਰ ਵੋਟਾਂ ਚ ਜੋ ਮੇਰੇ ਵਿਰੁੱਧ ਖੜ੍ਹਾ ਸੀ ਉਸ ਤੋਂ ਪੰਜਾਹ ਵੋਟਾਂ ਨਾਲ ਮੈਂ ਜਿੱਤਿਆ ਸੀ। ਜਦ ਜਿੱਤ ਕੇ ਬਾਹਰ ਨਿੱਕਲੇ ਤਾਂ ਦੂਜੀ ਪਾਰਟੀ 'ਤੇ ਸਾਡੇ ਵਿੱਚ ਲੜਾਈ ਹੋ ਗਈ। ਮੇਰੇ ਛੋਟੇ ਮੁੰਡੇ ਨੇ ਜੋ ਮੇਰੇ ਵਿਰੁੱਧ ਉੱਠਿਆ ਸੀ ਉਸ ਦੇ ਗੋਲੀ ਮਾਰ ਦਿੱਤੀ। ਉਸ ਦੀ ਉੱਥੇ ਹੀ ਮੌਤ ਹੋ ਗਈ। ਮੇਰੇ ਦੋਵੇਂ ਮੁੰਡੇ ਤੇ ਮੈਨੂੰ ਪੁਲਿਸ ਫੜ੍ਹ ਕੇ ਥਾਣੇ ਲੈ ਗਈ।
ਮੇਰਾ ਕਿਵੇਂ ਨਾ ਕਿਵੇਂ ਕਰਕੇ ਨਾਮ ਕੇਸ ਵਿੱਚੋ ਕਢਾਇਆ, ਪਰ ਦੋਵਾਂ ਮੁੰਡਿਆਂ ਨੂੰ ਵੀਹ ਵੀਹ ਸਾਲੀ ਸਜ਼ਾ ਹੋ ਗਈ। ਮੇਰੀ ਨੂੰਹ ਮੇਰੇ ਪੋਤੇ, ਪੋਤੀਆਂ ਨੂੰ ਲੈ ਕੇ ਪੇਕੇ ਜਾ ਬੈਠੀ। ਮੈ ਤੇ ਤੇਰੀ ਬੇਬੇ ਰਹਿ ਗਏ ਦੁੱਖ ਦੇਖਣ ਨੂੰ, ਚੰਗਾ ਭਲਾ ਘਰ ਵੱਸਦਾ ਸੀ ਸਰਪੰਚੀ ਨੇ ਉਜਾੜ ਦਿੱਤਾ। ਇਹ ਕਹਿ ਕੇ ਬਾਪੂ ਰੋਣ ਲੱਗਾ।
ਬਾਪੂ ਦੀ ਗੱਲ ਮੈਨੂੰ ਸਹੀ ਵੀ ਲੱਗੀ, ਪਤਾ ਨਹੀਂ ਕਿੰਨੇ ਘਰ ਇਸ ਸਰਪੰਚੀ ਨੇ ਹੋਰ ਉਜਾੜਨੇ ਨੇ । ਹੁਣ ਤਾਂ ਜਿਸ ਦਿਨ ਕਾਗਜ਼ ਭਰਨੇ ਹੁੰਦੇ ਨੇ ਉਸ ਦਿਨ ਹੀ ਲੜ੍ਹਾਈ ਹੋ ਜਾਂਦੀ ਹੈ। ਪਾਰਟੀ ਬਾਜੀ ਪਿੰਡਾਂ ਵਿੱਚ ਆ ਵੜੀ ਹੈਂ । ਇਸ ਵਾਰ ਦੀ ਸਰਪੰਚੀ ਕਿਵੇਂ ਹੋ ਨਿਬੜੇਗੀ। ਪੰਜਾਬ 'ਤੇ ਪਰਮਾਤਮਾ ਮਿਹਰ ਕਰੇ! ਆਮੀਨ।
ਲੱਗੀ ਨਜ਼ਰ ਪੰਜਾਬ ਦੇ ਪਿੰਡਾਂ ਨੂੰ
ਕੋਈ ਨਜ਼ਰ ਉਤਾਰੋ।
ਮਿਰਚਾਂ ਨਾਲ ਨਹੀਂ ਕੁੱਝ ਬਣਨਾ
ਕੋਈ ਏਕਤਾ ਦਾ ਪਾਠ ਵਿਚਾਰੋ ।
ਲਾ ਕੇ ਬੋਲੀ ਸਰਪੰਚੀ ਦੀ
ਲੋਕਤੰਤਰ ਦਾ ਨਾ ਮਜ਼ਾਕ ਬਣਾਵੋ।
ਗੁਰੂਆਂ ਪੀਰਾਂ ਸਰਬੱਤ ਦਾ ਭਲਾ ਸਿਖਾਇਆ
ਉਹਨਾਂ ਦੀ ਵੀ ਤਾਂ ਕੋਈ ਗੱਲ ਵਿਚਾਰੋ।✍️
ਵੀਰਪਾਲ ਕੌਰ ਮਾਨ
ਪਿੰਡ ਗੁਰੂਸਰ(ਤਲਵੰਡੀ ਸਾਬੋ)
ਪੇਸ਼ਕਸ਼
ਬੇਅੰਤ ਸਿੰਘ ਰੋਹਟੀ ਖਾਸ
ਮੋਬਾਈਲ ਨੰਬਰ 88727-85597