ਮੈਂ ਡਾਕਟਰ ਭੀਮ ਰਾਓ ਅੰਬੇਡਕਰ ਚੌਂਕ ਵਿੱਚ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਕੁਝ ਸਮੇਂ ਬਾਅਦ ਹਰਪ੍ਰੀਤ ਮੇਰੇ ਕੋਲ ਆਇਆ ਤੇ ਅਖ਼ਬਾਰ ਦੀ ਇੱਕ ਖਬਰ 'ਤੇ ਉਂਗਲ ਰੱਖ ਕੇ ਕਹਿੰਦਾ ਬਾਈ! ਆਹ ਕੀ ਇਹ ਕਿਵੇਂ ਮਾਰਤਾ? ਮੈਂ ਕਿਹਾ ਇਹ ਯੂਪੀ ਦੇ ਇੱਕ ਪਿੰਡ ਦੀ ਖ਼ਬਰ ਹੈ ਜਿੱਥੇ ਉੱਚੀ ਜਾਤ ਦੇ ਘੜੰਮ ਚੌਧਰੀ ਨੇ ਇੱਕ ਦਲਿਤ ਨੂੰ ਸਿਰਫ ਏਨੀ ਗੱਲ ਤੇ ਮੌਤ ਦੇ ਘਾਟ ਉਤਾਰ ਦਿੱਤਾ ਕਿ ਗਲੀ ਵਿੱਚੋਂ ਲੰਘਦੇ ਹੋਏ ਉਸ ਦਾ ਕੁੱਤਾ ਉਹਦੇ ਘਰ ਅੰਦਰ ਵੜ ਗਿਆ ਸੀ। ਅੱਛਾ ਬਾਈ! ਹਰਪ੍ਰੀਤ ਨੇ ਹੈਰਾਨ ਹੁੰਦੇ ਕਿਹਾ। ਮੈਂ ਕਿਹਾ,"ਹੋਰ, ਜਾਤ- ਪਾਤ ਨੇ ਸਾਡੇ ਸਮਾਜ ਦਾ ਬੇੜਾ ਗਰਕ ਕਰ ਰੱਖਿਐ। ਉਹ ਕਹਿੰਦਾ "ਬਾਈ ਪੰਜਾਬ 'ਚ ਵੀ ਇਹੀ ਹਾਲ ਹੈ। ਇੱਕ ਵਾਰੀ ਮੈਂ ਤੇ ਮੇਰਾ ਦੋਸਤ ਕਿਸੇ ਧਰਮ ਅਸਥਾਨ ਉੱਤੇ ਚਲੇ ਗਏ, ਉੱਥੇ ਕੋਈ ਭੋਗ ਪੈ ਰਿਹਾ ਸੀ। ਉੱਥੇ ਦੇ ਪ੍ਰਬੰਧਕ ਕਹਿੰਦੇ ਸਾਧੂਆਂ ਨੂੰ ਲੰਗਰ ਛਕਾਉਣ ਤੋਂ ਬਾਅਦ ਹੀ ਸੰਗਤ ਨੂੰ ਲੰਗਰ ਛਕਾਇਆ ਜਾਵੇਗਾ। ਸੰਗਤ ਆਈ ਗਈ ਤੇ ਭਾਂਡੇ ਲੈ ਕੇ ਪੰਗਤ ਵਿੱਚ ਬੈਠੀ ਗਈ। ਮੈਂ ਤੇ ਮੇਰਾ ਦੋਸਤ ਲੰਗਰ ਦੇ ਭਰੇ ਦੇਗੇ-ਕੜਾਹਿਆਂ ਦੇ ਇੱਕ ਪਾਸੇ ਖੜੇ ਸੀ। ਉੱਥੋਂ ਦੇ ਦੋ-ਚਾਰ ਬੰਦੇ ਸਾਨੂੰ ਜਾਣਦੇ ਸੀ। ਸੰਗਤ ਨੇ ਸਾਨੂੰ ਵਿਹਲੇ ਖੜੇ ਦੇਖ ਕੇ ਲੰਗਰ ਵਰਤਾਉਣ ਲਈ ਕਿਹਾ ਕਿਉਂਕਿ ਉੱਥੇ ਲੰਗਰ ਵਰਤਾਉਣ ਵਾਲੇ ਨਾ ਮਾਤਰ ਸੀ। ਸੰਗਤ ਦੇ ਕਹਿਣ ਤੇ ਜਦੋਂ ਅਸੀਂ ਬਾਲਟੀਆਂ ਨੂੰ ਹੱਥ ਪਾਇਆ ਤਾਂ ਇੱਕ ਜਾਣਕਾਰ ਜਾਤ ਹੰਕਾਰੀ ਭੱਜਿਆ-ਭੱਜਿਆ ਸਾਡੇ ਕੋਲ ਆ ਕੇ ਕਹਿੰਦਾ,"ਓਏ ਆ ਕੀ ਕਰਦੇ ਓ? ਤੁਸੀਂ ਲੰਗਰ ਨੀ ਵਰਤਾ ਸਕਦੇ।" ਮੈਂ ਕਿਹਾ ਕਿਉਂ ਅੱਗੋਂ ਉਹ ਗੁੱਸੇ ਨਾਲ ਕਹਿੰਦਾ,"ਕਿਉਂਕਿ ਤੁਸੀਂ ਨੀਵੀਂ ਜਾਤ ਦੇ ਓ, ਲੰਗਰ ਵਰਤਾਉਣ ਦਾ ਕੰਮ ਸਾਡਾ ਕਿਉਂਕਿ ਕਿਸੇ ਵੇਦ ਅਨੁਸਾਰ ਅਸੀਂ ਮੂੰਹ ਵਿੱਚੋਂ ਪੈਦਾ ਹੋਏ ਹਾਂ, ਜੇ ਤੁਸੀਂ ਸੇਵਾ ਕਰਨੀ ਹੈ ਤਾਂ ਸੰਗਤ ਦੇ ਜੂਠੇ ਭਾਂਡੇ ਚੱਕ-ਚੱਕ ਕੇ ਇੱਕ ਪਾਸੇ ਰੱਖੀ ਜਾਓ ਕਿਉਂਕਿ ਤੁਸੀਂ ਪੈਰਾਂ ਵਿੱਚੋਂ ਪੈਦਾ ਹੋਏ ਹੋ, ਇਹ ਕਹਿ ਕੇ ਉਹ ਪਰਾਂ ਚਲਾ ਗਿਆ।ਮੈਂ ਤੇ ਮੇਰਾ ਦੋਸਤ ਉਥੇ ਹੀ ਸੁੰਨ ਹੋ ਗਏ ਤੇ ਅਸੀਂ ਉਸੇ ਵਕਤ ਅਸਥਾਨ ਤੋਂ ਬਾਹਰ ਆ ਗਏ।ਉਸਤੋਂ ਬਾਅਦ ਅਸੀਂ ਕਦੇ ਵੀ ਉਸ ਅਸਥਾਨ 'ਤੇ ਨੀ ਗਏ। ਮੈਂ ਕਿਹਾ ,"ਹਰਪ੍ਰੀਤ ਸਿਆਂ ਜਾਤ-ਪਾਤ ਦੀ ਬਿਮਾਰੀ ਸਾਡੇ ਸਮਾਜ ਨੂੰ ਘੁਣ ਵਾਂਗੂੰ ਖਾ ਰਹੀ ਹੈ। ਕੁੱਝ ਘੜੰਮ ਚੌਧਰੀਆਂ ਦੇ ਖੂਨ ਵਿੱਚ ਰਚੀ ਹੋਣ ਕਰਕੇ ਇਹ ਬਿਮਾਰੀ ਕਦੇ ਵੀ ਖਤਮ ਨਹੀਂ ਹੋ ਸਕਦੀ। ਪੰਜਾਬ ਗੁਰੂਆਂ ਪੀਰਾਂ ਫ਼ਕੀਰਾਂ ਦੀ ਧਰਤੀ ਹੈ, ਜਿਨ੍ਹਾਂ ਨੇ ਇਨਸਾਨੀਅਤ ਨੂੰ ਸਭ ਤੋਂ ਵੱਡਾ ਧਰਮ ਦੱਸਿਆ ਹੈ। ਜਾਤ-ਪਾਤ ਦੀ ਬਿਮਾਰੀ ਇਨਸਾਨੀਅਤ ਨੂੰ ਖੋਰਾ ਲਾ ਰਹੀ ਹੈ। ਇਸ ਲਈ ਇਨਸਾਨੀਅਤ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਭਗਤ ਕਬੀਰ ਜੀ ਦੀ ਹੇਠ ਲਿਖੀ ਸਲੋਕ ਤੇ ਅਮਲ ਕਰਨਾ ਚਾਹੀਦਾ ਹੈ...
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਮਾਸਟਰ ਹੰਸ ਕਲੇਰ
ਪਿੰਡ ਦੁਗਾਲ