ਵਿਧਾਇਕ ਅਨਮੋਲ ਗਗਨ ਮਾਨ ਸਣੇ ਚਾਰ ਆਗੂਆਂ ’ਤੇ ਚੱਲੇਗਾ ਪੁਲਿਸ ਨਾਲ ਝੜਪ ਦਾ ਮੁਕੱਦਮਾ, ਦੋਸ਼ ਤੈਅ

Bol Pardesa De
0

 


ਚੰਡੀਗੜ੍ਹ : ਪੁਲਿਸ ਨਾਲ ਝੜਪ ਅਤੇ ਸਰਕਾਰੀ ਮੁਲਾਜ਼ਮਾਂ ਦੇ ਕੰਮ ਵਿਚ ਅੜਿੱਕਾ ਪਹੁੰਚਾਉਣ ਦੇ ਦੋਸ਼ ਵਿਚ ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਖ਼ਿਲਾਫ਼ ਜ਼ਿਲ੍ਹਾ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ। ਇਨ੍ਹਾਂ ਨੇਤਾਵਾਂ ਵਿਚ ਖਰੜ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਅਨਮੋਲ ਗਗਨ ਮਾਨ, ਆਪ ਦੇ ਸਹਿ-ਇੰਚਾਰਜ ਡਾ. ਸੰਨੀ ਆਹਲੂਵਾਲੀਆ, ਰਾਜਵਿੰਦਰ ਕੌਰ ਗਿੱਲ ਅਤੇ ਅਰਸ਼ਦੀਪ ਸਿੰਘ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਪੰਜ ਫਰਵਰੀ ਤੋਂ ਆਈਪੀਸੀ ਦੀ ਧਾਰਾ 188, 323, 332, 353 ਤਹਿਤ ਕੇਸ ਚੱਲੇਗਾ। ਇਨ੍ਹਾਂ ਖ਼ਿਲਾਫ਼ ਤਿੰਨ ਸਾਲ ਪਹਿਲਾਂ ਸੈਕਟਰ-39 ਥਾਣੇ ਦੀ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਸੀ। ਇਹ ਨੇਤਾ ਪੰਜਾਬ ਭਾਜਪਾ ਦੇ ਦਫ਼ਤਰ ਦੇ ਬਾਹਰ ਸੈਂਕੜੇ ਕਾਰਕੁੰਨਾਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਇਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ। ਇਸ ਮਾਮਲੇ ਵਿਚ ਇਨ੍ਹਾਂ ਚਾਰਾਂ ਆਗੂਆਂ ਖ਼ਿਲਾਫ਼ ਪੁਲਿਸ ਨੇ ਪਿਛਲੇ ਸਾਲ ਚਾਰਜਸ਼ੀਟ ਫਾਈਲ ਕੀਤੀ ਸੀ। ਇਸੇ ਕੇਸ ਵਿਚ ਪਿਛਲੇ ਮਹੀਨੇ ਅਦਾਲਤ ਵਿਚ ਅਨਮੋਲ ਗਗਨ ਦੀ ਜ਼ਮਾਨਤ ਰੱਦ ਕਰਦੇ ਹੋਏ ਉਨ੍ਹਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਸਨ। ਉਹ ਇਕ ਪੇਸ਼ੀ ’ਤੇ ਨਹੀਂ ਪੁੱਜੀ ਸੀ, ਇਸ ਵਜ੍ਹਾ ਨਾਲ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਸੀ, ਹਾਲਾਂਕਿ ਅਗਲੀ ਤਰੀਕ ’ਤੇ ਉਹ ਕੋਰਟ ਵਿਚ ਪੇਸ਼ ਹੋ ਗਈ ਸੀ। 
ਜ਼ਿਕਰਯੋਗ ਹੈ ਕਿ 29 ਅਗਸਤ 2021 ਨੂੰ ਆਮ ਆਦਮੀ ਪਾਰਟੀ ਦੇ ਕਈ ਕਾਰਕੁੰਨ ਭਾਜਪਾ ਪੰਜਾਬ ਦੇ ਸੈਕਟਰ-37 ਸਥਿਤ ਦਫ਼ਤਰ ਦੇ ਬਾਹਰ ਜਮ੍ਹਾਂ ਹੋਏ ਸਨ। ਇਨ੍ਹਾਂ ਭਾਜਪਾ ਦਫ਼ਤਰ ਦੇ ਘਿਰਾਓ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਬੈਰੀਕੇਡਿੰਗ ਲਗਾ ਕੇ ਰੋਕ ਦਿੱਤਾ। ਪੁਲਿਸ ਨੇ ਇਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਇਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ, ਪਰ ਨੇਤਾਵਾਂ ਤੇ ਕਾਰਕੁੰਨਾਂ ਨੇ ਪੁਲਿਸ ਦੀ ਇਕ ਨਹੀਂ ਸੁਣੀ। ਉਨ੍ਹਾਂ ਬੈਰੀਕੇਡਿੰਗ ਤੋੜਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਝੜਪ ਵਿਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਅਜਿਹੇ ਵਿਚ ਸੈਕਟਰ-39 ਥਾਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਅਨਮੋਲ ਗਗਨ ਮਾਨ, ਸੰਨੀ ਆਹਲੂਵਾਲੀਆ, ਅਰਸ਼ਦੀਪ ਸਿੰਘ ਅਤੇ ਰਾਜਵਿੰਦਰ ਕੌਰ ਗਿੱਲ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਸੀ।


Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top