ਸਾਹਿਬਜ਼ਾਦਾ ਅਜੀਤ ਸਿੰਘ ਜੀ

Bol Pardesa De
0

ਜਨਮ ਦਿਵਸ ‘ਤੇ ਵਿਸ਼ੇਸ਼
ਵਿਸ਼ਵ ਕੋਸ਼ ਅਨੁਸਾਰ ਸਾਹਿਬਜ਼ਾਦਾ ਅਜੀਤ ਸਿੰਘ ਜੀ, (1687-1705) , ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸੁਪੁੱਤਰ, ਜੋ 26 ਜਨਵਰੀ 1687 ਨੂੰ ਪਾਉਂਟਾ ਵਿਖੇ ਮਾਤਾ ਸੁੰਦਰੀ ਜੀ ਦੇ ਉਦਰ ਤੋਂ ਜਨਮੇ ਸਨ। ਇਸ ਤੋਂ ਅਗਲੇ ਸਾਲ 1688 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਅਨੰਦਪੁਰ ਵਾਪਸ ਆ ਗਏ ,ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਸਿੱਖੀ ਭਰਪੂਰ ਵਾਤਾਵਰਣ ਵਿੱਚ ਪਾਲਣ ਪੋਸ਼ਣ ਹੋਇਆ। ਇਹਨਾਂ ਨੂੰ ਧਾਰਮਿਕ ਗ੍ਰੰਥ, ਫ਼ਲਸਫੇ ਅਤੇ ਇਤਿਹਾਸ ਦੀ ਪੜ੍ਹਾਈ ਕਰਵਾਈ ਗਈ ਅਤੇ ਘੋੜ ਸਵਾਰੀ, ਤਲਵਾਰ ਚਲਾਉਣੀ ਅਤੇ ਤੀਰ ਅੰਦਾਜ਼ੀ ਦੀ ਸਿੱਖਿਆ ਵੀ ਦਿੱਤੀ ਗਈ। ਗਭਰੂ ਹੋ ਕੇ ਇਹ ਇੱਕ ਸੁੰਦਰ ਤਕੜੇ, ਬੁੱਧੀਮਾਨ ਨੌਜਵਾਨ ਬਣੇ ਅਤੇ ਸੁਭਾਵਿਕ ਹੀ ਸਾਰਿਆਂ ਦੇ ਲਾਡਲੇ ਆਗੂ ਬਣ ਗਏ। 30 ਮਾਰਚ 1699 ਨੂੰ ਖ਼ਾਲਸਾ ਸਾਜਣ ਦੀ ਘਟਨਾ ਤੋਂ ਛੇਤੀ ਹੀ ਪਿੱਛੋਂ ਆਪ ਜੀ ਨੂੰ ਆਪਣੀ ਲਿਆਕਤ ਦਾ ਪਹਿਲਾ ਇਮਤਿਹਾਨ ਪਾਸ ਕਰਨਾ ਪਿਆ। ਪੰਜਾਬ ਦੇ ਉੱਤਰ-ਪੱਛਮ ਵਿੱਚ ਪੋਠੋਹਾਰ ਇਲਾਕੇ ਤੋਂ ਆਉਂਦੀ ਸਿੱਖ ਸੰਗਤ ਨੂੰ ਸਤਲੁਜ ਦਰਿਆ ਦੇ ਪਾਰ ਅਨੰਦਪੁਰ ਤੋਂ ਥੋੜ੍ਹੀ ਹੀ ਦੂਰ ਨੂਹ ਦੇ ਰੰਘੜਾਂ ਨੇ ਹਮਲਾ ਕਰਕੇ ਲੁੱਟ ਲਿਆ ਸੀ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਕੇਵਲ 12 ਸਾਲ ਦੀ ਅਵਸਥਾ ਵਾਲੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਇੱਕ ਸੌ ਸਿੱਖਾਂ ਨਾਲ 23 ਮਈ 1699 ਨੂੰ ਉਸ ਪਿੰਡ ਭੇਜਿਆ, ਜਿੱਥੇ ਜਾ ਕੇ ਉਨ੍ਹਾਂ ਨੇੇ ਰੰਘੜਾਂ ਨੂੰ ਮਾਰ ਭਜਾਇਆ ਅਤੇ ਨਾਲ ਹੀ ਰੰਘੜਾਂ ਦੁਆਰਾ ਲੁੱਟਿਆ ਹੋਇਆ ਮਾਲ ਵਾਪਸ ਪ੍ਰਾਪਤ ਕੀਤਾ।
ਇਸ ਤੋਂ ਅਗਲੇ ਸਾਲ ਇਸ ਤੋਂ ਔਖਾ ਕਾਰਜ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਉਸ ਵੇਲੇ ਸੌਂਪਿਆ ਗਿਆ ਜਦੋਂ ਪਹਾੜੀ ਰਾਜਿਆਂ ਨੇ ਸ਼ਾਹੀ ਫ਼ੌਜਾਂ ਦੀ ਸਹਾਇਤਾ ਨਾਲ ਅਨੰਦਪੁਰ ਉਪਰ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤਾਰਾਗੜ੍ਹ ਕਿਲ੍ਹੇ ਦੀ ਰੱਖਿਆ ਦਾ ਕੰਮ ਸੌਂਪਿਆ ਗਿਆ , ਜਿਸ ਉਪਰ ਪਹਿਲਾਂ ਹਮਲਾ ਹੋਇਆ ਸੀ। ਭੱਟ ਵਹੀਆਂ ਅਨੁਸਾਰ ਇਹ ਹਮਲਾ 29 ਅਗਸਤ 1700 ਨੂੰ ਹੋਇਆ। ਸਾਹਿਬਜ਼ਾਦਾ ਅਜੀਤ ਸਿੰਘ ਨੇ ਇੱਕ ਤਜਰਬੇਕਾਰ ਸਿਪਾਹੀ, ਭਾਈ ਉਦੈ ਸਿੰਘ ਦੀ ਸਹਾਇਤਾ ਨਾਲ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ।ਅਕਤੂਬਰ 1700 ਵਿੱਚ ਨਿਰਮੋਹਗੜ੍ਹ ਦੀਆਂ ਲੜਾਈਆਂ ਵਿੱਚ ਵੀ ਸਾਹਿਬਜ਼ਾਦਾ ਅਜੀਤ ਸਿੰਘ ਨੇ ਬਹਾਦਰੀ ਨਾਲ ਜੰਗਾਂ ਲੜੀਆਂ। 15 ਮਾਰਚ 1701 ਨੂੰ ਅਜੋਕੇ ਪਾਕਿਸਤਾਨ ਦੇ ਜ਼ਿਲ੍ਹੇ ਸਿਆਲਕੋਟ ਦੇ ਦੜਪ ਖੇਤਰ ਦੀ ਅਨੰਦਪੁਰ ਵੱਲ ਆਉਂਦੀ ਸੰਗਤ ਨੂੰ ਬਜਰੂੜ ਦੇ ਗੁੱਜਰਾਂ ਅਤੇ ਰੰਘੜਾਂ ਨੇ ਲੁੱਟ ਲਿਆ। ਸਾਹਿਬਜ਼ਾਦਾ ਅਜੀਤ ਸੰਿਘ ਨੇ ਇਹਨਾਂ ਰੰਘੜਾਂ ਅਤੇ ਗੁੱਜਰਾਂ ਵਿਰੁੱਧ ਮੁਹਿੰਮ ਦੀ ਅਗਵਾਈ ਕੀਤੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਅਨੁਸਾਰ ਇਹ 7 ਮਾਰਚ 1703 ਨੂੰ 100 ਘੋੜਸਵਾਰਾਂ ਨਾਲ ਹੁਸ਼ਿਆਪੁਰ ਦੇ ਨੇੜੇ ਬੱਸੀ ਪਹੁੰਚੇ ਅਤੇ ਇੱਕ ਨੌਜਵਾਨ ਬ੍ਰਾਹਮਣ ਦੀ ਸੱਜ ਵਿਆਹੀ ਵਹੱੁਟੀ ਨੂੰ ਸਥਾਨਿਕ ਪਠਾਣ ਮੁੱਖੀ ਤੋਂ ਰਿਹਾ ਕਰਵਾਇਆ।
1705 ਵਿੱਚ ਅਨੰਦਪੁਰ ਦੇ ਲੰਮੇ ਘੇਰੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨੇ ਫਿਰ ਆਪਣੇ ਸਾਹਸ ਅਤੇ ਦਲੇਰੀ ਦਾ ਸਬੂਤ ਦਿੱਤਾ। 5-6 ਦਸੰਬਰ 1705 ਦੀ ਰਾਤ ਨੂੰ ਜਦੋਂ ਗੁਰੂ ਜੀ ਨੇ ਅਨੰਦਪੁਰ ਖਾਲੀ ਕਰਨ ਦਾ ਫੈਸਲਾ ਕੀਤਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਪਿਛਲੀ ਫ਼ੌਜ ਦੀ ਕਮਾਨ ਸੌਂਪੀ ਗਈ। ਜਦੋਂ ਘੇਰਾ ਪਾਉਣ ਵਾਲੇ ਫ਼ੌਜੀਆਂ ਨੇ ਕਿਲ੍ਹਾ ਖ਼ਾਲੀ ਕਰਨ ਸਮੇਂ ਸੁਰੱਖਿਅਤ ਰਸਤਾ ਦੇਣ ਦੇ ਆਪਣੇ ਦਿੱਤੇ ਭਰੋਸਿਆਂ ਨੂੰ ਛਿੱਕੇ ਟੰਗ ਕੇ ਸਾਹਿਬਜ਼ਾਦੇ ਦੀ ਫ਼ੌਜੀ ਟੁਕੜੀ ਉਪਰ ਧਾਵਾ ਬੋਲ ਦਿੱਤਾ ਤਾਂ ਇਹਨਾਂ ਨੇ ਦਲੇਰੀ ਨਾਲ ਵੈਰੀ ਫ਼ੌਜ ਨੂੰ ਉਤਨੀ ਦੇਰ ਸ਼ਾਹੀ ਟਿੱਬੀ ਕੋਲ ਰੋਕੀ ਰੱਖਿਆ ਜਦੋਂ ਤੱਕ ਭਾਈ ਉਦੈ ਸਿੰਘ ਉਹਨਾਂ ਦੀ ਸਹਾਇਤਾ ਲਈ ਆ ਨਾ ਪੁੱਜੇ। ਸਾਹਿਬਜ਼ਾਦਾ ਅਜੀਤ ਸਿੰਘ ਆਪਣੇ ਪਿਤਾ, ਛੋਟੇ ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਪੰਝਾਹ ਕੁ ਸਿੱਖਾਂ ਨਾਲ ਚੜੀ ਹੋਈ ਸਰਸਾ ਨਦੀ ਨੂੰ ਪਾਰ ਕਰ ਗਏ। ਇਸ ਤੋਂ ਅੱਗੇ ਰੋਪੜ ਨੇੜੇ ਪਿੱਛਾ ਕਰਦੇ ਦਲਾਂ ਨਾਲ ਮੁੱਠ-ਭੇੜ ਹੋਣ ਕਾਰਨ ਗਿਣਤੀ ਹੋਰ ਵੀ ਘਟ ਗਈ ਪਰੰਤੂ ਸਾਹਿਬਜ਼ਾਦਾ ਅਜੀਤ ਸਿੰਘ ਦਾ ਇਹ ਦਸਤਾ 6 ਦਸੰਬਰ 1705 ਦੀ ਸ਼ਾਮ ਨੂੰ ਚਮਕੌਰ ਪੁੱਜ ਗਿਆ ਜਿੱਥੇ ਇਸ ਨੇ ਇੱਕ ਕੱਚੀ ਗੜ੍ਹੀ (ਉੱਚੀਆਂ ਕੰਧਾਂ
ਵਾਲੀ ਹਵੇਲੀ) ਵਿੱਚ ਆਪਣੇ ਮੋਰਚੇ ਸੰਭਾਲ ਲਏ।
ਉੱਧਰ ਵੈਰੀ ਫ਼ੌਜਾਂ ਦੀ ਗਿਣਤੀ ਮਾਲੇਰਕੋਟਲਾ, ਸਰਹਿੰਦ ਦੇ ਸ਼ਾਸਕਾਂ ਅਤੇ ਸਥਾਨਿਕ ਰੰਘੜਾਂ ਅਤੇ ਗੁੱਜਰਾਂ ਦੀਆਂ ਵਹੀਰਾਂ ਵੱਲ ਵੱਧ ਰਹੀ ਸੀ ਅਤੇ ਇਹਨਾਂ ਸਾਰਿਆਂ ਨੇ ਚਮਕੌਰ ਦੀ ਗੜ੍ਹੀ ਨੂੰ ਸਖ਼ਤ ਘੇਰਾ ਪਾ ਲਿਆ। ਇਹ ਬੇਮੇਲ ਅਤੇ ਭਿਆਨਕ ਲੜਾਈ 7 ਦਸੰਬਰ 1705 ਨੂੰ ਸੂਰਜ ਚੜ੍ਹਦੇ ਸਾਰ ਸ਼ੁਰੂ ਹੋ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਫ਼ਰਨਾਮਾ ਅਨੁਸਾਰ ਕੇਵਲ ਚਾਲੀ ਸਿੱਖਾਂ ਨੇ ਦੁਸ਼ਮਣਾਂ ਦਾ ਡੱਟਵਾਂ ਮੁਕਾਬਲਾ ਕੀਤਾ। ਜਦੋਂ ਘਿਰੇ ਹੋਇਆਂ ਕੋਲ ਜੋ ਥੋੜ੍ਹਾ ਬਹੁਤਾ ਅਸਲਾ ਅਤੇ ਤੀਰ ਸਨ, ਉਹ ਵੀ ਖ਼ਤਮ ਹੋ ਗਏ ਤਾਂ ਉਹਨਾਂ ਨੇ ਪੰਜ ਪੰਜ ਦੇ ਦਸਤੇ ਬਣ ਕੇ ਤਲਵਾਰ ਅਤੇ ਭਾਲਿਆਂ ਨਾਲ ਘੇਰਾ ਪਾਈ ਬੈਠੇ ਫ਼ੌਜੀਆਂ ਨਾਲ ਝਪਟਾਂ ਲੈਣ ਦੀ ਯੱੁਧ-ਨੀਤੀ ਅਪਣਾਈ। ਸਾਹਿਬਜ਼ਾਦਾ ਅਜੀਤ ਸਿੰਘ ਨੇ ਆਪਣੇ ਪਿਤਾ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈ ਕੇ ਇਸ ਕਿਸਮ ਦੇ ਇੱਕ ਧਾਵੇ ਦੀ ਅਗਵਾਈ ਕੀਤੀ ਅਤੇ ਘਮਸਾਣ ਦੀ ਲੜਾਈ ਵਿੱਚ ਲੜਦੇ ਹੋਇਆਂ ਆਪਣੇ ਪਿਤਾ ਜੀ ਦੀਆਂ ਅੱਖਾਂ ਦੇ ਸਾਹਮਣੇ ਹੀ ਸ਼ਹਾਦਤ ਪ੍ਰਾਪਤ ਕੀਤੀ।

ਸਾਹਿਬਜ਼ਾਦਾ ਅਜੀਤ ਸਿੰਘ ਜਿੱਥੇ ਸ਼ਹੀਦ ਹੋਏ ਸਨ, ਅੱਜ ਕੱਲ੍ਹ ਇਸ ਤਾਂ ਉੱਤੇ ਗੁਰਦੁਆਰਾ ਕਤਲਗੜ੍ਹ ਬਣਿਆ ਹੋਇਆ ਹੈ। ਪਿੱਛੋਂ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਇਸੇ ਪ੍ਰਕਾਰ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ। ਬਿਕਰਮੀ ਮਹੀਨੇ ਦੇ 8 ਪੋਹ (ਦਸੰਬਰ-ਜਨਵਰੀ) ਨੂੰ ਹਰ ਸਾਲ ਉਹਨਾਂ ਦੀ ਸ਼ਹੀਦੀ ਮਨਾਉਣ ਲਈ ਇਸ ਥਾਂ ‘ਤੇ ਭਾਰੀ ਦੀਵਾਨ ਸਜਾਏ ਜਾਂਦੇ ਹਨ। ਚਮਕੌਰ ਦੀ ਜੰਗ ਵਿੱਚ ਦੋਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਪੱਕੀ ਗਵਾਹੀ ਇੱਕ ਸਮਕਾਲੀ ਲਿਖਤ ਤੋਂ ਵੀ ਮਿਲਦੀ ਹੈ। ਬਾਦਸ਼ਾਹ ਔਰੰਗਜ਼ੇਬ ਦੇ ਸਰਕਾਰੀ ਪੱਤਰ ਲੇਖਕ ਮਿਰਜ਼ਾ ਇਨਾਯਤ ਉੱਲਾ ਖ਼ਾਨ ਇਸਮੀ (1653-1725) ਦੇ ਅਹਿਕਾਮ-ਇ-ਆਲਮਗੀਰੀ (ਮੂਲ ਫ਼ਾਰਸੀ) ਖਰੜੇ ਵਿੱਚ ਇਹ ਲਿਖਤ ਇਸ ਪ੍ਰਕਾਰ ਹੈ, “ਫੁਟਕਲ ਮਾਮਲਿਆਂ ਸੰਬੰਧੀ ਇੱਕ ਪੱਤਰ ਪ੍ਰਾਪਤ ਹੋਇਆ ਜਿਸ ਵਿੱਚ ਨਾਨਕ ਦੇ ਪੁਜਾਰੀ ਗੋਬਿੰਦ ਦੇ ਸਰਹਿੰਦ ਤੋਂ 12 ਕੋਹ (ਲਗਭਗ 29 ਕਿਲੋਮੀਟਰ) ਇੱਕ ਜਗ੍ਹਾ ਆਉਣ ਦਾ 700 ਸਿਪਾਹੀਆਂ ਦੇ ਤੋਪਖਾਨੇ ਸਮੇਤ ਇੱਕ ਦਸਤੇ ਅਤੇ ਹੋਰ ਸਾਜ਼ ਸਾਮਾਨ ਦੇ ਭੇਜੇ ਜਾਣ ਦਾ, ਉਸ ਦੇ ਪਿੰਡ ਚਮਕੌਰ ਵਿੱਚ ਇੱਕ ਜਿੰਮੀਦਾਰ ਦੀ ਹਵੇਲੀ ਵਿੱਚ ਘੇਰੇ ਜਾਣ ਦੇ ਹਾਰ ਜਾਣ, ਅਤੇ ਉਸ ਦੇ ਦੋ ਪੁਤਰਾਂ ਅਤੇ ਹੋਰ ਸਾਥੀਆਂ ਦੇ ਮਾਰੇ ਜਾਣ ਦਾ, ਅਤੇ ਉਸ ਦੀ ਮਾਤਾ ਅਤੇ ਇੱਕ ਹੋਰ ਪੁਤਰ ਦੇ ਪਕੜੇ ਜਾਣ ਦਾ ਵਰਣਨ ਮਿਲਦਾ ਹੈ”।


ਡਾ.ਚਰਨਜੀਤ ਸਿੰਘ ਗੁਮਟਾਲਾ 
91 9417533060
gumtalacs@gmail.com



Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top